ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਿਛਲੇ ਸੱਠ ਸਾਲਾਂ ਦੇ ਸਫ਼ਰ ਦੌਰਾਨ ਆਹਲਾ ਦਰਜੇ ਦਾ ਮੁਕਾਮ ਹਾਸਿਲ ਕੀਤਾ ਹੈ। ਇਸ ਦਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਕੀਤਾ ਮਿਆਰੀ ਕੰਮ ਆਪਣੀ ਮਿਸਾਲ ਆਪ ਹੈ। ਯੂਨੀਵਰਸਿਟੀ ਨੇ ਵੱਖ-ਵੱਖ ਅਨੁਸ਼ਾਸਨਾਂ ਵਿਚ ਕੀਤੇ ਕੰਮ ਰਾਹੀਂ ਵੀ ਵੱਖਰੀ ਪਛਾਣ ਬਣਾਈ ਹੈ। ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹੇ ਵਿਦਿਆਰਥੀ ਅੱਜ ਦੁਨੀਆਂ ਭਰ ਵਿਚ ਫ਼ੈਲੇ ਹੋਏ ਹਨ ਅਤੇ ਉਨ੍ਹਾਂ ਆਪੋ-ਆਪਣੇ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਯੂਨੀਵਰਸਿਟੀ ਨੂੰ ਉਨ੍ਹਾਂ ਦੀ ਪ੍ਰਾਪਤੀਆਂ ਤੇ ਮਾਣ ਹੈ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਯੂਨੀਵਰਸਿਟੀ ਦੀ ਸਭ ਤੋਂ ਕੀਮਤੀ ਧਰੋਹਰ ਹਨ। ਸਾਬਕਾ ਵਿਦਿਆਰਥੀਆਂ ਲਈ ਵੀ ਉਨ੍ਹਾਂ ਦੀ ਯੂਨੀਵਰਸਿਟੀ ਸਭ ਤੋਂ ਸਤਿਕਾਰਤ ਥਾਂ ਹੁੰਦੀ ਹੈ। ਸਮਾਂ ਗੁਜ਼ਰਦਾ ਜਾਂਦਾ ਹੈ, ਪਰ ਯੂਨੀਵਰਸਿਟੀ ਵਿਚ ਬਿਤਾਏ ਪਲ ਅਤੇ ਹਾਸਲ ਕੀਤੀ ਵਿੱਦਿਆ, ਉਨ੍ਹਾਂ ਦੀ ਯਾਦ ਦਾ ਅਨਿੱਖੜਵਾਂ ਅੰਗ ਹੁੰਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਪਣੀ ਯੂਨੀਵਰਸਿਟੀ ਨਾਲ ਗਹਿਰੇ ਨਾਤੇ ਵਿਚ ਜੁੜ ਸਕਣ, ਇਸ ਲਈ ਕੋਸ਼ਿਸ਼ਾਂ ਦਰਕਾਰ ਹਨ। ਇਸ ਨਾਤੇ ਨਾਲ ਯੂਨੀਵਰਸਿਟੀ ਇੱਕ ਤੋਂ ਵਧੇਰੇ ਤਰ੍ਹਾਂ ਨਾਲ ਸਮਰਿੱਧ ਹੋਵੇਗੀ ਅਤੇ ਸਾਬਕਾ ਵਿਦਿਆਰਥੀ ਆਪਣੀ ਯੂਨੀਵਰਸਿਟੀ ਨਾਲ ਜੁੜ ਕੇ ਜੀਵਨ ਦੀ ਸਾਰਥਕਤਾ ਦੇ ਅਹਿਸਾਸ ਨੂੰ ਮਾਣ ਸਕਣਗੇ। ਮੈਂ ਬਤੌਰ ਡੀਨ, ਅਲੂਮਨੀ ਰਿਲੇਸ਼ਨਜ਼ ਸਾਰੇ ਸਾਬਕਾ ਸਾਬਕਾ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨਾਲ ਜੁੜਨ ਦਾ ਨਿੱਘਾ ਸੱਦਾ ਦਿੰਦਾ ਹੈ